Monday, 5 September 2016
ਸਰਾਪੀ ਕੁੱਖ
ਸਭ ਧਰਮਾਂ ਦੀਆਂ ਬਾਣੀਆਂ ਦੇ ਜਾਣੂ, ਫਿਲਾਸਫਰ ਅਤੇ
ਸੰਤ-ਸਰੂਪ ਮਹਾਂਪੁਰਖਾਂ ਦਾ ਸ਼ਹਿਰ ਵਿੱਚ ਕੁਝ ਦਿਨਾਂ ਲਈ ਆਉਣਾ ਹੋਇਆ। ਉਹ ਲੋਕਾਂ
ਨੂੰ ਸੁਚੱਜੀ ਜੀਵਨ-ਜਾਚ ਦੱਸਦੇ ਤੇ ਹੱਸਦੇ ਮੁਸਕਰਾਉਂਦੇ ਗੱਲਾਂ ਗੱਲਾਂ ਵਿੱਚ ਹੀ ਉਹਨਾਂ ਦਾ ਧਿਆਨ
ਪਰਮਾਤਮਾ ਵੱਲ ਮੋੜ ਦਿੰਦੇ।ਦਰਸ਼ਨ ਕਰਨ ਆਏ ਬਹੁਤੇ ਲੋਕ ਘਰੇਲੂ ਸਮੱਸਿਆ ਦੇ ਹੱਲ ਲਈ ਹੀ ਆਉਂਦੇ।
ਆਲੀਸ਼ਾਨ ਕਾਰ
ਵਿੱਚੋਂ ਉੱਤਰੇ ਅੱਧਖੜ ਉਮਰ ਦੇ ਜੋੜੇ ਨੇ ਸਤਿਕਾਰ ਨਾਲ ਬੈਠਦੇ ਹੋਏ 'ਪੁੱਤਰ-ਰਤਨ' ਦੀ ਪ੍ਰਾਪਤੀ ਲਈ ਉਪਾਅ ਦੱਸਣ
ਵਾਸਤੇ ਜੋਦੜੀ ਕੀਤੀ ।ਕੁਝ ਚਿਰ ਅੱਖਾਂ ਬੰਦ ਕਰਕੇ ਮਹਾਂਪੁਰਖ ਧਿਆਨ ਮਗਨ ਹੋਏ, “ਬੱਚਾ ! ਪਿਛਲੇ
ਚਾਰ ਦਹਾਕਿਆਂ ਤੋਂ ਤੁਹਾਡੇ ਪਰਿਵਾਰ ਵਿੱਚੋਂ ਕਿਸੇ ਕੰਨਿਆ ਦੀ ਡੋਲੀ ਹੀ ਨਹੀਂ
ਉੱਠੀ,ਇਸ ਦੀ ਕੀ ਵਜ੍ਹਾ ਹੋਈ?”
ਸਰਦਾਰ ਸਾਹਿਬ
ਤ੍ਰਭਕ ਗਏ, ਨੀਵੀਂ ਪਾ ਕੇ
ਬੋਲੇ,“ ਤਸੀਂ ਤਾਂ ਆਪ
ਜਾਣੀ ਜਾਣ ਹੋ......”
“ ਮੇਰੀ ਸ਼ੰਕਾ ਨਵਿਰਤ
ਕਰੋ ਪੁੱਤਰ ”
“ ਕੀ ਦੱਸਾਂ ਮਹਾਰਾਜ
! ਚਾਲੀ ਸਾਲ ਪਹਿਲਾਂ ਸਾਡੇ
ਖਾਨਦਾਨ ਦੀ ਧੀ ਸਹੁਰਾ-ਪਰਿਵਾਰ ਵੱਲੋਂ ਬੜੀ ਬੇ-ਇੱਜ਼ਤ ਹੋਈ ਤੇ ਜ਼ਿੱਲਤ ਭਰੀ ਜ਼ਿੰਦਗੀ ਤੋਂ ਤੰਗ
ਆ ਕੇ ਉਹਨੇ ਖੁਦਕਸ਼ੀ ਕਰ ਲਈ ਸੀ,
ਉਸ
ਤੋਂ ਬਾਅਦ ਮੇਰੇ ਪੜਦਾਦਾ
ਜੀ
ਨੇ ਫੈਸਲਾ ਕਰ ਲਿਆ ਕਿ ਹੁਣ ਸਾਡੇ ਪਰਿਵਾਰ ਵਿੱਚ ਕੋਈ ਧੀ ਨਹੀਂ ਆਏਗੀ..ਤੇ ਜਿਹੜੀ ਆਈ...”
ਸਰਦਾਰਨੀ ਸਾਹਿਬਾ
ਨੇ ਰੁਮਾਲ ਨਾਲ ਅੱਖਾਂ
ਪੂੰਝੀਆਂ
ਤੇ ਮੂੰਹ ਢਕ ਲਿਆ।
“ ਸਾਡਾ ਪਰਿਵਾਰ
ਸ਼ਾਹੀ ਖਾਨਦਾਨ ਵਜੋਂ ਸਤਿਕਾਰਿਆ ਜਾਂਦਾ ਹੈ,ਅਸੀਂ ਆਪਣੀਆਂ ਧੀਆਂ ਦੀ ਬੇਇਜ਼ਤੀ ਨਹੀਂ ਸਹਾਰ ਸਕਦੇ..”
“ ਕਿਸੇ ਬੇਗਾਨੀ ਧੀ
ਨੂੰ ਗੋਦ ਲੈ ਕੇ,ਬਹੁਤ ਸਾਰਾ ਪਿਆਰ
ਤੇ ਸਤਿਕਾਰ ਦਿਓ, ਸ਼ਾਇਦ ਮਾਲਕ ਬਖਸ਼ ਲਵੇ..”
............
ਉਲਟੀ ਗੰਗਾ
" ਨਹੀਂ ਨਹੀਂ ਡਾਕਟਰ ਸਾਹਿਬ ! ਮੇਰਾ ਪਿੰਡ ਆਲਾ ਭਰਾ ਗਿਲਾ ਕਰਦਾ ਹੁੰਦੈ ਕਿ ਬੇਬੇ ਸਾਡੇ ਕੋਲ
ਨਹੀਂ ਰਹਿੰਦੀ..ਅਸੀਂ ਸੋਚਿਐ ਕਿ ਇਹਨੂੰ ਉਥੇ ਛੱਡ ਆਉਨੇ ਆਂ.. "
ਡਾ:
ਸਿੰਘ ਐਕਸ-ਰੇ ਫਿਲਮ ਨੂੰ ਜਾਂਚਦੇ ਹੋਏ ਮਰੀਜ਼ ਦੇ ਬਾਹਰ ਖੜ੍ਹੇ ਰਿਸ਼ਤੇਦਾਰਾਂ ਕੋਲ ਆ ਗਏ।
" ਸਰਦਾਰ ਜੀ !
ਮਾਤਾ ਦੀ ਚੂਲੇ ਦੀ ਹੱਡੀ ਦਾ ਫਰੈਕਚਰ ਹੋ ਗਿਐ.. ਬਿਨਾਂ ਅਪਰੇਸ਼ਨ ਤੋਂ ਠੀਕ ਨਹੀਂ ਹੋ ਸਕਣਾ ਤੇ
ਅਪਰੇਸ਼ਨ ਵੀ ਛੇਤੀ ਹੋਣਾ ਚਾਹੀਦੈ "
ਸੇਵਾ-ਮੁਕਤੀ ਦੇ ਨੇੜੇ ਪਹੁੰਚਿਆ ਹਰਿਭਜਨ ਸਿੰਘ
ਆਪਣੇ-ਆਪ ਨੂੰ ਸੰਭਾਲਦਾ ਹੋਇਆ ਮਸਾਂ ਹੀ ਬੋਲਿਆ," ਮਾਤਾ ਜੀ ਦੀ
ਉਮਰ ਕਾਫੀ ਹੋ ਗਈ ਐ....ਕੀ ਇਸ ਉਮਰ ਵਿੱਚ..?"
ਡਾ:ਸਿੰਘ ਸਮਝਾਉਣ ਲੱਗੇ,"
ਇਸ
ਤੋਂ ਇਲਾਵਾ ਚਾਰਾ ਈ ਕੋਈ ਨਹੀਂ.. ਰਿਸਕ ਤਾਂ ਲੈਣਾ ਈ ਪਊ......ਮੈਂ ਇਹਨਾਂ ਤੋਂ ਵੀ ਬਿਰਧ ਲੋਕਾਂ
ਦੇ ਅਪਰੇਸ਼ਨ ਕੀਤੇ ਨੇ......ਉਹ ਠੀਕ-ਠਾਕ ਤੁਰੇ ਫਿਰਦੇ ਨੇ "
" ਡਾਕਟਰ ਸਾਹਿਬ! ਮਾਤਾ ਜੀ ਮੈਨੂੰ ਬਹੁਤ ਪਿਆਰੇ ਨੇ....ਜੇ
ਕਿਤੇ....? ਜੇ
ਅਪਰੇਸ਼ਨ ਨਾ ਕਰਵਾਈਏ ਤਾਂ ਕੋਈ ਖਤਰਾ ਤਾਂ ਨਹੀਂ? "
" ਨਹੀਂ ! ਇਸ ਵੇਲੇ ਤਾਂ ਨਹੀਂ...ਪਰ ਜੇ ਉਹ ਲੰਮੇ ਸਮੇਂ ਤੱਕ ਮੰਜੇ
ਉੱਤੇ ਪਏ ਰਹੇ ਤਾਂ ਉਹਦੀਆਂ ਕੰਪਲੀਕੇਸ਼ਨਜ਼ ਹੋ ਜਾਣਗੀਆਂ.."
" ਫਿਰ ਵੀ ਡਾਕਟਰ ਸਾਹਿਬ ! ਹੌਸਲਾ ਜਿਹਾ ਨਹੀਂ ਪੈਂਦਾ..ਖਰਚਾ ਕਿੰਨਾ
ਕੁ ਹੋ ਜੂ?"
" ਅਪਰੇਸ਼ਨ ਤੇ ਹਸਪਤਾਲ ਸਟੇਅ ਵਗੈਰਾ ਪਾ ਕੇ ਸੱਠ ਸੱਤਰ ਹਜ਼ਾਰ ਦੇ
ਕਰੀਬ ਤਾਂ ਹੋ ਈ ਜਾਊ..ਤੁਸੀਂ ਫਿਕਰ ਨਾ ਕਰੋ..ਮੈਂ ਕੁਝ ਘੱਟ ਕਰਵਾ ਦਊਂ..ਫੈਮਿਲੀ ਫਰੈਂਡ ਹੋਣ ਦਾ
ਬੈਨੀਫਿਟ ਤੁਹਾਨੂੰ ਜ਼ਰੂਰ ਦੁਆਵਾਂਗਾ "
" ਸਲਾਹ ਕਰਕੇ ਦੱਸਦਾਂ.."
ਘਬਰਾਹਟ ਜਿਹੀ ਵਿੱਚ ਹਰਿਭਜਨ ਸਿੰਘ ਆਪਣੀ ਪਤਨੀ ਅਤੇ ਦੋਵਾਂ ਪੁੱਤਰਾਂ ਨੂੰ ਲਾਂਭੇ ਲੈ
ਗਿਆ। ਗੰਭੀਰ ਵਿਚਾਰ-ਵਟਾਂਦਰਾ ਹੋਇਆ। ਅਖੀਰ ਉਹ ਡਾਕਟਰ ਕੋਲ ਆ ਕੇ ਬੋਲਿਆ,
" ਅਸੀਂ
ਮਰੀਜ਼ ਨੂੰ ਘਰ ਲੈ ਜਾਨੇ ਆਂ... ...ਇਸ ਉਮਰ 'ਚ ਅਪਰੇਸ਼ਨ ਨਾਲ ਕੋਈ ਹਬੀ-ਨਬੀ ਹੋਗੀ ਤਾਂ ਲੋਕਾਂ ਨੂੰ ਕੀ ਜਵਾਬ
ਦਿਆਂਗੇ?"
ਡਾਕਟਰ ਸਾਹਿਬ ਆਪਣੇ ਸ਼ਾਂਤ ਸੁਭਾਅ ਦੇ ਉਲਟ ਕਾਹਲੇ ਜਿਹੇ ਪੈ ਗਏ, "
ਤੁਹਾਨੂੰ
ਪਤੈ ? ਤੁਸੀਂ
ਕੀ ਕਰ ਰਹੇ ਓ ? ਤੁਸੀਂ ਇਹਨਾਂ ਨੂੰ ਭੋਰਾ ਭੋਰਾ ਮਰਦਿਆਂ ਦੇਖੋਗੇ ਤੇ ਕੰਪਲੀਕੇਸ਼ਨਜ਼ ਦੇ ਇਲਾਜ'ਤੇ ਇਸ ਤੋਂ
ਜ਼ਿਆਦਾ ਖਰਚ ਕਰੋਗੇ "
" ਨਹੀਂ ਨਹੀਂ ਡਾਕਟਰ ਸਾਹਿਬ ! ਮੇਰਾ ਪਿੰਡ ਆਲਾ ਭਰਾ ਗਿਲਾ ਕਰਦਾ ਹੁੰਦੈ ਕਿ ਬੇਬੇ ਸਾਡੇ ਕੋਲ
ਨਹੀਂ ਰਹਿੰਦੀ..ਅਸੀਂ ਸੋਚਿਐ ਕਿ ਇਹਨੂੰ ਉਥੇ ਛੱਡ ਆਉਨੇ ਆਂ.. "
……………
ਤਰਾਸ਼ਿਆ ਪੱਥਰ
ਡਾ:ਮਲਹੋਤਰਾ ਸਵੇਰੇ ਮੰਦਿਰੋਂ ਪਰਤੇ ਤਾਂ ਉਹਨਾਂ ਦੇ ਮਾਤਾ ਜੀ ਦਹਿਲੀਜ਼ 'ਤੇ ਖੜ੍ਹੇ ਸੀ। ਹੱਥ ਵਿੱਚ ਅਖਬਾਰ,ਦਮਕਦਾ ਚਿਹਰਾ ਤੇ ਪੂਰੇ ਖੁਸ਼। ਉਹਨਾਂ
ਮਾਂ ਨੂੰ ਏਨਾ ਖੁਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ,ਝਟਪਟ ਕਾਰ ਖੜ੍ਹੀ ਕਰਕੇ ਉਸ ਵੱਲ ਵਧੇ।
" ਵੇ ਪੁੱਤ ! ਵਧਾਈਆਂ, ਭਗਵਾਨ ਨੇ ਮੇਰੀ ਝੋਲੀ ਵਿੱਚ
ਬਹੁਤ ਵੱਡੀ ਖੁਸ਼ੀ ਪਾਈ ਐ,ਵੇ ਜਿਉਂਦਾ ਰਹੁ ਬੱਚਿਆ !"
" ਕੁਝ ਦੱਸੋਂ ਵੀ..ਕਿਹੜੀ ਖੁਸ਼ੀ ਨੇ ਮੇਰੀ
ਮਾਂ ਨੂੰ.........?"
" ਲੈ..ਜਿਵੇਂ ਪਤਾ ਈ ਨੀ...ਆਪਣੀ
ਕਮਲ.." ਸਾਹੋ-ਸਾਹ ਹੋਈ ਮਾਂ ਨੇ ਪੁੱਤ ਨੂੰ ਫਿਰ ਜੱਫੀ ਵਿੱਚ ਲੈ ਲਿਆ, " ਆਪਣੀ ਕਮਲ ਆਈ.ਏ.ਐਸ.
ਵਿੱਚ ਸੈਕਿੰਡ ਆਈ ਐ " ਪੋਤੀ ਦੀ ਪ੍ਰਾਪਤੀ ਉੱਤੇ ਦਾਦੀ ਲਗਭਗ ਨੱਚਣ ਹੀ ਲੱਗ ਪਈ ।
" ਬੀ ਜੀ! ਤੁਹਾਨੂੰ ਵੀ ਬਹੁਤ
ਵਧਾਈਆਂ..ਸਭ ਤੁਹਾਡੀਆਂ ਅਸੀਸਾਂ ਦਾ ਫਲ ਐ" ਡਾਕਟਰ ਤੇ ਮਿਸਿਜ਼ ਮਲਹੋਤਰਾ ਮਾਂ ਦੇ ਪੈਰਾਂ
ਉਤੇ ਝੁਕ ਗਏ।
ਮਾਂ ਨੇ ਫਿਰ ਲੋਰ ਜਿਹੇ ਵਿੱਚ ਪੁੱਤਰ ਨੂੰ
ਜੱਫੀ ਪਾ ਲਈ , ਪੁੱਤਰ ਨੇ ਹੌਲੀ ਜਿਹੀ ਮਾਂ ਦੇ
ਕੰਨ ਵਿੱਚ ਕਿਹਾ, "
ਜਿਸ
ਦਿਨ ਕਮਲ ਜੰਮੀ ਸੀ, ਉਸ ਦਿਨ ਤਾਂ ਬੀ ਜੀ ! ਤੁਸੀਂ
ਕਿਹਾ ਸੀ ਕਿ ਬਹੂ ਨੇ ਪੱਥਰ ਜੰਮ ਦਿੱਤਾ ..ਯਾਦ ਐ ?"Saturday, 3 September 2016
ਸੁਫ਼ਨਿਆਂ ਦੀਆਂ ਲੋਥਾਂ ਵੀਰੋ ਕੈਨੇਡਾ ਵਿਆਹੀ
ਜਾਣ ਮਗਰੋਂ ਪੰਜਾਂ ਸਾਲ਼ਾਂ ਬਾਅਦ ਆਪਣੇ ਛੋਟੇ ਭਰਾ ਦੇ ਵਿਆਹ 'ਤੇ ਆਈ ਸੀ।ਉਹਦੇ ਕਪੜੇ ਗਹਿਣੇ,ਸਾਬਣ,ਸ਼ੈਂਪੂ, ਸੈਂਟ ਤੇ ਹੋਰ ਚੀਜਾਂ ਵਸਤਾਂ ਦੇਖ ਕੇ ਸਹੇਲੀਆਂ ਮਨ ਹੀ ਮਨ ਉੇਹਦੇ ਨਾਲ ਈਰਖਾ ਕਰ ਰਹੀਆਂ ਸਨ। ਬਚਪਨ ਦੀ
ਸਹੇਲੀ ਜੋਤੀ ਨੇ ਉਹਦੇ ਬਲੌਰੀ ਝੁਮਕੇ ਨੂੰ ਨੀਝ ਨਾਲ ਤੱਕਦਿਆਂ ਪੁਛਿਆ,“
ਵੀਰੋ! ਤੂੰ ਖੁਸ਼ ਤਾਂ ਹੈਂ ਨਾ ?”
ਕੁੜੀ ਚਹਿਕਦੀ ਚਹਿਕਦੀ ਚੁੱਪ ਜਿਹੀ ਹੋ ਗਈ । ਚਿਹਰੇ ਦੇ
ਬਦਲਦੇ ਹਾਵ ਭਾਵ ਦੇਖ ਕੇ ਜੋਤੀ ਬੋਲੀ, “ਤੂੰ ਜਾਣ ਲੱਗੀ ਨੇ ਕਿਹਾ ਸੀ ਬਈ ਏਥੇ ਤਾਂ ਜਨਾਨੀਆਂ ਸਾਰਾ
ਦਿਨ ਧੰਦ ਪਿਟਦੀਆਂ, ਕੋਈ ਕਦਰ ਨੀ...ੳਥੇ ਕੰਮ ਦੇ ਡਾਲਰ ਮਿਲਣਗੇ, ਮੇਰੀ ਕੋਈ ਪੁੱਛ ਪਰਤੀਤ ਹੋਊ ”
“ਆਹੋ! ਸੋਚਿਆ ਤਾਂ ਏਦਾਂ ਈ ਸੀ” ਇੱਕ ਨਿੱਕਾ ਜਿਹਾ ਹਉਕਾ ਬੋਲਿਆ ।
“ ਨਾ ਫੇਰ ਮਿਲਿਆ ਇੱਜ਼ਤ ਪਿਆਰ?”
“ ਕਿੱਥੇ ਭੈਣੇਂ?.....ੳਥੇ
ਡਾਲਰ ਤਾਂ ਮਿਲਦੇ ਐ......ਪਰ
ਪੇ ਪੈਕਟ ਆਉਂਦਿਆਂ ਈ ਖੋਹ ਲੈਂਦੇ ਐ ਅਗਲੇ ”
“ ਅੱਛਾ...?”
“ ਤੇ ਹੋਰ....?ਸਾਰਾ
ਦਿਨ ਜਾਬਾਂ ਤੇ ਹੱਡ ਤੁੜਾਓ! ਆ ਕੇ ਘਰ ਦਾ ਕੰਮਕਾਰ ਕਰੋ,ਨੈਟ ਨੂੰ ਸ਼ਰਾਬੀ ਪਤੀ ਦੀਆਂ ਗਾਲਾਂ ਤੇ ਕੁੱਟ...”
ਵੀਰੋ ਫਿੱਸ ਪਈ ।
“ ਨਾ ਤੇ ਤੁਸੀਂ ਅੱਗੋਂ ਕੋਈ ਉਜਰ ਨੀ ਕਰਦੀਆਂ?”
“ ਲੈ! ਮਾੜਾ ਜਿਹਾ ਕੁਸ਼ ਕਹੋ ਸਹੀ, ਅਗਲਾ ਕਹਿੰਦੈ ਘਰੋਂ
ਕੱਢ ਦਊਂ, ਅਖੇ ਮੈਨੂੰ ਇੰਡੀਆ ਤੋਂ ਹੋਰ ਬਥੇਰੀਆਂ.....”
ਝੀਲ ਵਰਗੀਆਂ ਅੱਖਾਂ ਵਿੱਚ ਸੁਫਨਿਆਂ ਦੀਆਂ ਲੋਥਾਂ ਤਰ ਰਹੀਆਂ ਸਨ ।
ਥੋਹਰਾਂ ਦੇ ਸਿਰਨਾਵੇਂ
" ਦੇਖੋ ਬਾਪੂ ਜੀ! ਮੈਨੂੰ ਆਏ ਨੂੰ ਮਹੀਨਾ ਹੋ
ਗਿਐ.. ਸਾਰੇ ਅੰਗਾਂ-ਸਾਕਾਂ ਨੂੰ ਪੁਛ ਲਿਐ..ਕੋਈ ਵੀ ਤੁਹਾਨੂੰ ਦੋਵਾਂ ਨੂੰ ਰੱਖਣ ਲਈ ਤਿਆਰ
ਨਹੀਂ...ਮੈਂ ਤੁਹਾਨੂੰ ਇਸ ਬਿਰਧ ਅਵੱਸਥਾ ਵਿਚ.. ਇਕੱਲੇ ਇਸ ਕੋਠੀ ਵਿਚ ਬਿਲਕੁਲ
ਨਹੀਂ ਛੱਡ ਸਕਦਾ...ਤੁਸੀਂ ਆਪਣਾ ਲੁਕ-ਆਫਟਰ ਕਰ ਹੀ ਨਹੀਂ ਸਕਦੇ "
ਮਾਤਾ ਪਿਤਾ
ਨੁੰ ਖਾਮੋਸ਼ ਦੇਖ ਕੇ ਉਹ ਫਿਰ ਬੋਲਿਆ, " ਨਾਲੇ ਅਗਲੇ
ਹਫਤੇ ਇਸ ਕੋਠੀ ਦਾ ਕਬਜ਼ਾ ਵੀ
ਦੇਣੈ...... ਮੈਂ ਸਾਰਾ
ਬੰਦੋਬਸਤ ਕਰ ਲਿਐ.. .ੳਲਡ?ਏਜ ਹੋਮ ਵਾਲੇ ਡੇਢ ਲੱਖ
ਲੈਂਦੇ ਨੇ...ਬਾਕੀ ਸਾਰੀ ਉਮਰ ਦੀ ਦੇਖ-ਭਾਲ ਉਹਨਾਂ ਦੇ ਜ਼ਿੰਮੇ.."
“ ਪਰਮਿੰਦਰ ਅਸੀਂ ਆਪਣਾ ਘਰ ਛੱਡ ਕੇ ਕਿਤੇ ਨੀ
ਜਾਣਾ...ਤੇਰੀ ਮਾਂ ਤਾਂ ਜਮ੍ਹਾ ਈ ਨੀ ਮੰਨਦੀ... ਤੂੰ ਜਾਹ ਕਨੇਡਾ.. ..ਸਾਨੂੰ ਸਾਡੇ ਹਾਲ 'ਤੇ ਛੱਡ ਦੇਹ.ਸਾਡਾ ਵਾਹਿਗੁਰੂ ਐ....”.
" ਮਾਂ!..ਬਾਪੂ
ਜੀ! ਤੁਸੀਂ ਬੱਚਿਆਂ ਵਾਂਗੂ ਜ਼ਿਦ ਕਿਉਂ ਫੜੀ ਬੈਠੇ ਓ ? .. ਕੋਠੀ ਤਾਂ
ਵਿਕ ਚੁਕੀ ਐ...ਆਪਣੇ ਮਨ ਨੂੰ ਸਮਝਾਓ "
ਕਹਿੰਦਾ ਪਰਮਿੰਦਰ ਆਪਣੇ ਕਮਰੇ ਵਿਚ ਚਲਿਆ ਗਿਆ।
ਉਸੇ ਰਾਤ ਬਾਪੂ ਜੀ ਅਕਾਲ ਚਲਾਣਾ ਕਰ ਗਏ।
ਤਿੰਨ ਦਿਨ
ਬਾਅਦ ਬਾਪੂ ਜੀ ਦੇ ਫੁੱਲ ਕੀਰਤਪੁਰ ਸਾਹਿਬ ਪਰਵਾਹ ਕਰਕੇ ਮੁੜੇ ਤਾਂ ਰਿਸ਼ਤੇਦਾਰਾਂ ਨੇ ਪਰਮਿੰਦਰ
ਨੂੰ ਦੱਸਿਆ," ਮਾਂ ਜੀ
ਕਿਸੇ ਨੂੰ ਪਛਾਣਦੇ ਈ ਨਹੀਂ...ਬੱਸ ਵਿਹੜੇ 'ਚ ਬੈਠੇ
ਕੋਠੀ ਵੱਲ ਈ ਦੇਖੀ ਜਾਂਦੇ ਨੇ ..ਸ਼ਾਇਦ ਉਹ
ਪਾਗਲਪਨ ਦੀ ਅਵੱਸਥਾ
ਵਿਚ ਨੇ"
" ਤਾਂ ਫਿਰ
ਮਾਂ ਨੂੰ ਪਾਗਲਖਾਨੇ ਭਰਤੀ ਕਰਾ ਦਿੰਨੇ ਆਂ.... ਥੋਨੂੰ ਨੀ ਪਤਾ...ਇਕ ਇਕ ਦਿਨ
ਦਾ ਮੇਰਾ ਕਿੰਨਾ ਨੁਕਸਾਨ ਹੋ ਰਿਹੈ... ਪਿਛੇ ਆਪਣੇ ਪਰਿਵਾਰ ਦੀ ਕਿੰਨੀ ਵੱਡੀ ਜ਼ਿੰਮੇਵਾਰੀ ਐ ਮੇਰੇ
ਸਿਰ 'ਤੇ "
ਇਹ ਉਨ੍ਹਾਂ ਦੇ ਸਹਿਕ ਸਹਿਕ ਕੇ ਲਏ ਪੁੱਤ ਪਰਮਿੰਦਰ
ਦੀ ਆਵਾਜ਼ ਸੀ।
ਬਾਪੂ ਸ਼ੱਟ ਤਾਂ ਨੀ ਵੱਜੀ ?
ਬੱਚੇ ਦਾ ਜਨਮ ਨੇੜੇ ਆਉਣ 'ਤੇ ਕਰਤਾਰੇ ਨੇ ਆਪਣੀ
ਘਰਵਾਲੀ ਨੂੰ ਪੇਕੇ ਛੱਡ ਕੇ ਮੁੜਨ ਵੇਲੇ ਕਿਹਾ, “ ਭਜਨ ਕੁਰੇ ! ਜੇ ਐਤਕੀਂ ਵੀ ਕੁੜੀ ਹੋਈ ਤਾਂ ਮੈਂ ਥੋਨੂੰ ਲੈਣ ਨੀ ਆਉਣਾ,
ਏਥੇ ਈ ਰਿਹੋ ”
ਟੱਬਰ ਦੀਆਂ ਅਰਦਾਸਾਂ ਨੂੰ ਫਲ ਨਾ ਪਿਆ ਤੇ ਉਹੀ ਹੋਇਆ
ਜਿਸਦਾ ਡਰ ਸੀ । ਕਰਤਾਰੇ ਦੀ ਉਡੀਕ ਵਿੱਚ ਤਿੰਨ ਸਾਲ ਲੰਘ ਗਏ । ਨੱਚਦੀ ਟੱਪਦੀ ਸੁਖੀ ਕਈ ਵਾਰ ਬਾਪੂ
ਬਾਰੇ ਪੁੱਛ ਲੈਂਦੀ,
ਫਿਰ ਮਾਂ ਜਾਂ ਨਾਨੀ ਦਾ ਉਦਾਸ ਚਿਹਰਾ ਦੇਖ ਕੇ ਚੁੱਪ ਕਰ ਜਾਂਦੀ । ਉਧਰ ਰਿਸ਼ਤੇਦਾਰਾਂ ਤੇ ਹੋਰ
ਸਿਆਣਿਆਂ ਨੇ ਮਿਲ ਕੇ ਕਰਤਾਰੇ ਨੂੰ ਆਪਣੀ ਘਰਵਾਲੀ ਤੇ ਧੀ ਨੂੰ ਲਿਆਉਣ ਵਾਸਤੇ ਭੇਜ ਹੀ ਦਿੱਤਾ । ਬੱਸੋਂ
ਉੱਤਰ ਕੇ ਕਸਬੇ ਤੋਂ ਪਿੰਡ ਕੋਈ ਤਿੰਨ ਮੀਲ ਦੀ ਵਾਟ ਸੀ । ਅੱਡੇ ਉੱਤੇ ਬਹਿ ਕੇ ਤਿੰਨਾਂ ਨੇ ਚਾਹ-ਪਾਣੀ
ਪੀਤਾ । ਕਰਤਾਰੇ ਨੇ ਇੱਕ ਕਹੀ ਖਰੀਦ ਲਈ ।
“ ਪੁਰਾਣੀ ਟੁੱਟ ਗਈ ਸੀ...ਏਥੋਂ ਵਧੀਆ ਮਿਲ ਜਾਂਦੀ ਐ ”
ਕਹਿੰਦਾ
ਕਰਤਾਰਾ ਮਾਂਵਾਂ ਧੀਆਂ ਨੂੰ ਲੈ ਕੇ ਪਿੰਡ ਦੇ ਰਾਹ ਪੈ ਗਿਆ । ਅੱਧੀ ਕੁ ਵਾਟ ਮੁਕਾ ਕੇ ਤਿੰਨੇ ਜੀਅ
ਟਾਹਲੀ ਥੱਲੇ ਬੈਠ ਗਏ । ਕਰਤਾਰਾ ਕਹੀ ਲੈ ਕੇ ਥੋਹੜੀ ਦੂਰ ਜਾ ਕੇ ਟੋਆ
ਪੁੱਟਣ ਲੱਗਾ । ਉਹਨੇ ਮਨ ਵਿੱਚ ਧਾਰਿਆ ਹੋਇਆ ਸੀ ਕਿ ਕੁੜੀ ਨੂੰ ਪਿੰਡ ਨਹੀਂ ਲੈ ਕੇ ਜਾਣਾ, ਏਥੇ ਈ ਸੁੰਨੇ ਥਾਂ
'ਤੇ ਗਲ ਘੁੱਟ ਕੇ ਮਾਰ ਦੇਣੈਂ ਤੇ ਏਥੇ ਹੀ ਦੱਬ ਜਾਣੈਂ ।
ਇਹਨਾਂ ਵਿਚਾਰਾਂ ਵਿੱਚ ਬੇਧਿਆਨੇ ਹੀ ਕਹੀ ਇੱਕ ਦੱਬੇ
ਹੋਏ ਪੱਥਰ ਨਾਲ ਟਕਰਾ ਕੇ ਉਹਦੀ ਲੱਤ ਉੱਤੇ ਵੱਜ ਗਈ ।ਦਰਦ ਨਾਲ ਬੇਹਾਲ ਹੋ ਕੇ ਕਰਤਾਰਾ ਉਥੇ ਹੀ ਬੈਠ
ਗਿਆ । ਅਚਾਨਕ ਕੰਨ ਕੋਲ ਇੱਕ ਮਿੱਠੀ ਤੋਤਲੀ ਜਿਹੀ ੳਾਵਾਜ਼ ਸੁਣ ਕੇ ਉਹ ਚੌਂਕ ਉੱਠਿਆ, “ ਬਾਪੂ ! ਸ਼ੱਟ ਤਾਂ ਨੀ ਵੱਜੀ ?..ਬੋਹਤ ਪੀਲ ਹੁੰਦੀ ਐ ?..ਲਿਆ ਫੂਕ ਮਾਰ ਦਿਆਂ..ਹੁਣੇ ਥੀਕ ਹੋ ਜੂ..”
ਕਰਤਾਰੇ
ਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂ ਵਗ ਤੁਰੇ ਤੇ ਉਹਨੇ ਸੁੱਖੀ ਨੂੰ ਗਲ ਨਾਲ ਲਾ ਲਿਆ ।
ਪੂਰੇ ਨੰਬਰ
ਸਕੂਲ ਗਰਾਊਂਡ ਵਿੱਚ ਸਪੈਸ਼ਲ ਅਸੈਂਬਲੀ ਲਈ ਇਕੱਤਰ ਹੋ ਰਹੇ ਵਿਦਿਆਰਥੀ ਤੇ ਅਧਿਆਪਕ ਇਸਦੇ
ਕਾਰਨ ਪ੍ਰਤੀ ਖੁਸਰ-ਫੁਸਰ ਕਰ ਰਹੇ ਸੀ।ਇੱਕ ਸੀਨੀਅਰ ਅਧਿਆਪਕ ਨੇ ਆਕੇ ਸਭ ਨੂੰ ਚੁੱਪ ਰਹਿਣ ਲਈ
ਕਿਹਾ ਤੇ ਬੋਲੇ , " ਅੱਜ ਕਿਸੇ ਨੇ ਇੱਕ ਟੀਚਰ ਦੇ ਤਿੰਨ ਸੌ ਰੁਪਏ ਚੋਰੀ ਕਰ ਲਏ ਨੇ।ਹੁਣ ਤੱਕ ਦੀ ਪੁੱਛ-ਗਿੱਛ
ਤੋਂ ਲੱਗਦੈ ਕਿ ਇਹ ਚੋਰੀ ਕਿਸੇ ਬੱਚੇ ਨੇ ਹੀ ਕੀਤੀ ਹੈ। ਉਸ ਕਲਾਸ ਦੇ ਬੱਚਿਆਂ ਨੂੰ ਚੋਰੀ ਬਾਰੇ
ਦੱਸਣ ਜਾਂ ਚੁਪ-ਚੁਪੀਤੇ ਪੈਸੇ ਮੋੜਨ ਲਈ ਕਿਹਾ ਗਿਆ ਪਰ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ...ਹੁਣ
ਪਿ੍ਰੰਸੀਪਲ ਸਾਹਿਬ ਤੁਹਾਨੂੰ ਸੰਬੋਧਨ ਕਰਨਗੇ "
ਏਨੇ ਨੂੰ
ਪਿ੍ਰੰਸੀਪਲ ਮੈਡਮ ਸਟੇਜ'ਤੇ ਪਹੁੰਚ ਗਏ..ਚਿਹਰੇ ਉੱਤੇ ਤਨਾਅ ਅਤੇ ਹੱਥ ਵਿੱਚ ਉਹੀ ਬੈਂਤ ਜਿਸ ਨਾਲ ਦੋਸ਼ੀ ਬੱਚਿਆਂ
ਨੂੰ ਸਜ਼ਾ ਦੇਣ ਦਾ ਡਰਾਵਾ ਦਿੰਦੇ ਹੁੰਦੇ ਸੀ।
" ਬੱਚਿਓ! ਰਾਜਿੰਦਰ ਜੀ ਨੇ ਤੁਹਾਨੂੰ
ਚੋਰੀ ਬਾਰੇ ਦੱਸ ਹੀ ਦਿੱਤਾ ਹੋਵੇਗਾ .. ਮੈਨੂੰ ਯਕੀਨ ਹੈ ਕਿ ਇਹ ਕੰਮ ਕਿਸੇ ਵਿਦਿਆਰਥੀ ਨੇ ਹੀ ਕੀਤਾ
ਹੈ।ਮੈਂ ਤੁਹਾਡੇ ਸਾਰਿਆਂ ਸਾਹਮਣੇ ਉਸ ਬੱਚੇ ਨੂੰ ਵਿਸ਼ਵਾਸ਼ ਦੁਆਉਂਦੀ ਹਾਂ ਕਿ ਮੈਂ ਬਿਨਾਂ ਕਿਸੇ
ਸਜ਼ਾ ਦੇ ਉਸਨੂੰ ਮਾਫ ਕਰ ਦੇਵਾਂਗੀ..ਉਹ ਬੱਚਾ ਹੱਥ ਖੜ੍ਹਾ ਕਰ ਦੇਵੇ"
ਅਸੈਂਬਲੀ ਵਿੱਚ ਸੰਨਾਟਾ ਛਾਇਆ ਰਿਹਾ।
" ਮੈਂ ਇੱਕ ਵਾਰ ਫਿਰ ਵਾਅਦਾ ਕਰਦੀ ਹਾਂ
ਕਿ ਉਸ ਬੱਚੇ ਨੂੰ ਕੁਝ ਨਹੀਂ ਕਿਹਾ ਜਾਏਗਾ"
ਫਿਰ ਵੀ ਕਿਤੇ ਕੋਈ ਹਰਕਤ ਨਹੀਂ ਹੋਈ।
"ਲੱਗਦੈ ਮਨ ਦਾ ਕਮਜ਼ੋਰ ਬੱਚਾ
ਹੈ"ਪਿ੍ਰੰਸੀਪਲ ਮੈਡਮ ਦੇ ਚਿਹਰੇ ਉੱਤੇ ਫਿੱਕੀ ਜਿਹੀ ਮੁਸਕਾਨ ਆਈ।ਉਹਨਾਂ ਆਪਣੀ ਗੱਲ ਜਾਰੀ
ਰੱਖੀ,
"ਮੈਂ ਇਸ ਨੂੰ ਆਪਣੀ ਤੇ ਸਾਥੀ
ਅਧਿਆਪਕਾਂ ਦੀ ਅਸਫਲਤਾ ਸਮਝਦੀ ਹਾਂ ਜੋ ਤੁਹਾਡੇ ਵਰਗੇ ਪਿਆਰੇ ਵਿਦਿਆਰਥੀਆਂ ਨੂੰ ਸਹੀ ਗਿਆਨ ਤੇ
ਕਦਰਾਂ-ਕੀਮਤਾਂ ਨਹੀਂ ਦੇ ਸਕੇ।ਆਪਣੇ-ਆਪ ਨੂੰ ਦੋਸ਼ੀ ਮੰਨਦੇ ਹੋਏ ਮੈਂ ਖੁਦ ਨੂੰ ਹੀ ਸਜ਼ਾ ਦੇਣ ਦਾ
ਫੈਸਲਾ ਕੀਤਾ ਹੈ..ਸਜ਼ਾ ਦੌਰਾਨ ਕੋਈ ਮੇਰੇ ਨੇੜੇ ਨਾ ਆਵੇ ਤੇ ਨਾ ਹੀ ਸਜ਼ਾ ਵਿੱਚ ਵਿਘਨ
ਪਾਵੇ.."
ਏਨਾ ਕਹਿਕੇ ਮੈਡਮ ਨੇ ਆਪਣੇ-ਆਪ ਨੂੰ ਬੈਂਤ ਨਾਲ ਮਾਰਨਾ ਸ਼ੁਰੂ
ਕਰ ਦਿੱਤਾ। ਇੱਕ ਹੱਥ ਥੱਕ ਜਾਂਦਾ ਤਾਂ ਦੂਜਾ ਸ਼ੁਰੂ ਹੋ ਜਾਂਦਾ। ਸਾਰੇ
ਅਧਿਆਪਕ ਅਤੇ ਵਿਦਿਆਰਥੀ ਅਵਾਕ ਖੜ੍ਹੇ ਸਨ,ਕੁਝ ਦੀਆਂ ਤਾਂ ਲੇਰਾਂ ਨਿੱਕਲ ਗਈਆਂ।ਕੁਝ ਹੱਥਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬੈਂਤ ਖਾ
ਕੇ ਪਿੱਛੇ ਹਟ ਗਏ।ਆਖਿਰ ਕਪੜਿਆਂ ਵਿਚੋਂ ਲਹੂ ਸਿੰਮਣ ਲੱਗ ਪਿਆ ਤੇ ਪਿ੍ਰੰਸੀਪਲ ਮੈਡਮ ਹਫਕੇ ਡਿੱਗ
ਪਈ। ਉਹਨੂੰ ਸਹਾਰਾ ਦੇ ਕੇ ਦਫਤਰ ਲਿਜਾਕੇ ਸੋਫੇ 'ਤੇ ਲਿਟਾਇਆ ਗਿਆ। ਅਸੈਂਬਲੀ ਖਤਮ ਹੋ ਗਈ । ਵਿਦਿਆਰਥੀ ਬੇਯਕੀਨੀ ਤੇ ਸਦਮੇ ਕਾਰਨ ਕਲਾਸਾਂ ਦੇ
ਬਾਹਰ ਹੀ ਖੜ੍ਹੇ ਰਹੇ ।
ਪੰਦਰਾਂ ਕੁ ਮਿੰਟਾਂ ਬਾਅਦ ਦੋ ਬੱਚੇ ਪ੍ਰਿੰਸੀਪਲ ਦੇ ਦਫਤਰ ਵਿੱਚ ਦਾਖਿਲ ਹੋਏ ਤੇ ਮੈਡਮ
ਦੇ ਪੈਰਾਂ ਵੱਲ ਡਿੱਗਦੇ ਹੋਏ ਰੋਣ ਲੱਗ ਪਏ। ਮੈਡਮ ਪ੍ਰਿੰਸੀਪਲ ਨੇ ਆਪਣੇ ਦਰਦ ਦੀ ਪਰਵਾਹ ਨਾ ਕਰਦੇ
ਹੋਏ ਉੱਠਕੇ ਉਹਨਾਂ ਨੂੰ ਗਲ ਨਾਲ ਲਾ ਲਿਆ, " ਸ਼ਾਬਾਸ਼ ਬੱਚਿਓ!..ਮੈਂ ਤਾਂ ਫੇਲ੍ਹ ਹੋ ਗਈ ਸੀ..ਪਰ ਤੁਸੀਂ ਮੈਨੂੰ ਪੂਰੇ ਨੰਬਰ ਦਿਵਾ
ਦਿੱਤੇ"
ਜਾਗ੍ਰਿਤੀ
ਅੱਜ 'ਕੰਮ ਆਲੀ' ਸਮੇਂ ਤੋਂ ਪਹਿਲਾਂ ਹੀ ਆਉਂਦੀ ਦਿਸੀ। ਉਤਸ਼ਾਹ ਭਰੀ ਚਾਲ, ਨਿੱਖਰਿਆ ਰੰਗ-ਰੂਪ, ਸੰਵਾਰ ਕੇ ਕੀਤੀ ਹੋਈ ਗੁੱਤ, ਸਾਫ-ਸੁਥਰੀ ਸਾੜ੍ਹੀ .. ਮਾਲਕਣ ਮਿਸਿਜ਼ ਸ਼ਰਮਾ ਹੱਸਦੀ ਹੋਈ ਬੋਲੀ,"
ਕਿਆ ਬਾਤ ਹੈ ਕੁਸ਼ੱਲਿਆ? ਕਿਸ ਪਰ ਬਿਜਲੀ ਗਿਰਾਣ ਦਾ ਇਰਾਦਾ ਐ?"
" ਬਾਤ ਹੀ ਐਸੀ ਹੂਈ ਮਾਲਕਿਨ! ਮੇਰੇ ਤੋ
ਦਿਮਾਗ ਕੇ ਦਰਵਾਜੇ ਖੁੱਲ੍ਹ ਗਏ.. ਸਰ ਸੇ ਬਹੁਤ ਬੜਾ ਭਾਰ ਉਤਰ ਗਿਆ"
" ਬਤਾ ਤਾਂ ਸਹੀ..ਕੁੜ੍ਹੇ ਹੋਇਆ ਕੀ ਐ?" ਉਹ ਜੋਸ਼ ਵਿੱਚ ਆਪਣੀ ਅਸਲੀ ਬੋਲੀ 'ਤੇ ਉਤਰ ਆਈ।
"ਘਰਵਾਲਾ ਰੋਜ਼ ਸ਼ਰਾਬ ਪੀ ਕਰ ਗਾਲੀ-ਗਲੋਚ
ਕਰਤਾ ਰਹਾ..ਪਈਸਾ ਛੀਨਤਾ.. ਨਾ ਦੇਤੀ ਤੋ ਮਾਰੇ ਵਾਲ ਨੋਚਤਾ..ਪੀਟਤਾ.."
" ਉਹ ਤਾਂ ਮਈਨੂੰ ਪਤਾ..ਮੈਂ ਨੇ ਕਿਤਨੀ
ਵਾਰ ਤੇਰੇ ਕੋ ਸਮਝਾਇਆ.."
" ਪਰ ਮੈਂ ਸੋਚਤੀ ਉਸ ਕੀ ਸੇਵਾ ਕਰਨੀ..ਹਰ ਬਾਤ ਮਾਨਨੀ ਮੇਰਾ ਫਰਜ਼
ਹੈ.. ਕਭੀ ਮਾਰ-ਪੀਟ ਵੀ ਲੇ ਤੋ ਸਹਿਨਾ ਠੀਕ
ਹੈ..ਆਖਿਰ ਵੋ ਮੇਰਾ ਸੁਹਾਗ ਹੈ"
" ਨੀਂ ਤੂੰ ਅੱਗੇ ਤਾਂ ਬੋਲ.."
" ਕਲ ਜਬ ਮੈਂ ਕਾਮ ਸੇ ਗਈ ਤੋ ਕਲੋਨੀ ਕੇ
ਬਾਹਰ ਏਕ ਪੁਲੀਆ ਹੈ ਨਾ? ਬਿਲਕੁਲ ਸੂਨੀ ਜਗਾਹ ਪਰ......"
" ਆਹੋ..ਕੀ ਹੋਇਆ ਉਥੇ?"
" ਬਸ ਪੂਛੀਓ ਮਤ! ਉਸ ਕੇ ਪਾਸ ਸੇ ਗੁਜ਼ਰੀ
ਤੋ ਪੁਲੀਆ ਕੇ ਨੀਚੇ ਸੇ ਏਕ ਬੱਚੀ ਕੇ ਚੀਖਨੇ-ਚਿਲਾਨੇ ਕੀ ਆਵਾਜ਼ ਸੁਨੀ, ਮੁਝੇ ਅਪਨੀ ਬੱਚੀ ਕੀ ਆਵਾਜ਼ ਸੀ ਲਗੀ, ਦੌੜ ਕੇ ਜਾ ਕੇ ਦੇਖਾ ਤੋ ਦੋ ਦਰਿੰਦੇ ਏਕ ਛੋਟੀ ਸੀ ਬੱਚੀ ਸੇ
ਕੁਕਰਮ ਕਰਨੇ ਕਾ ਯਤਨ ਕਰ ਰਹੇ ਥੇ"
" ਹਾਅ.. ਹਾਇ..ਫਿਰ ਤੂਨੇ ..?"
" ਬਸ ਮੁਝੇ ਚੰਡੀ ਚੜ੍ਹ ਗਈ..ਚੱਪਲ ਉਤਾਰ
ਕਰ ਹਾਥ ਮੇਂ ਲੀ ਔਰ ਜ਼ੋਰ ਜ਼ੋਰ ਸੇ ਚਿਲਾਤੀ ਉਨ ਪਰ ਟੂਟ ਪੜੀ, ਏਕ ਤੋ ਭਾਜ ਗਿਆ, ਏਕ ਮੇਰੇ ਹਾਥ ਆ ਗਿਆ, ਮਾਲੂਮ ਕੌਨ ਥਾ?..ਮੇਰਾ ਪਤੀ.."
" ਕੁੜ੍ਹੇ ਹੈਂ?..ਫੇਰ?"
" ਫੇਰ ਕਿਆ? ਮੇਰੇ ਹਾਥ ਰੁਕੇ ਨਹੀਂ..ਦੁੱਗਨੇ ਜ਼ੋਰ ਸੇ ਚਪਲੋਂ ਸੇ ਜੀ ਭਰ
ਕੇ ਪੀਟਾ.. ਨਾਕ ਸੇ ਖੂਨ ਬਹਿਨੇ ਲਗਾ..ਲੋਗੋਂ ਨੇ
ਵੀ ਖੂਬ ਪਿਟਾਈ ਕੀ ਔਰ ਪੁਲੀਸ ਕੇ ਹਵਾਲੇ ਕਰ ਦੀਆ.."
" ਤੇ ਉਹ ਬੱਚੀ?"
" ਮੈਂ ਨੇ ਉਸੇ ਸੰਭਾਲਾ,ਘਰ ਲੇ ਜਾਕਰ ਪੁਚਕਾਰਾ,ਪਿਆਰ ਕੀਆ,ਰਾਮ ਜੀ ਕਾ ਸ਼ੁਕਰ ਕੀਆ ਵੋ ਨੰਨ੍ਹੀ ਸੀ ਜਾਨ ਇਤਨੀ ਬੜੀ ਅਨਹੋਨੀ ਸੇ ਬਚ ਗਈ"
" ਵਾਹ! ਕਮਾਲ ਕਰ'ਤਾ ਤੂੰ ਤਾਂ ਕੁਸ਼ੱਲਿਆ! ਔਰਤਾਂ ਦਾ ਸਿਰ
ਉੱਚਾ ਕਰ'ਤਾ " ਮਿਸਿਜ਼ ਸ਼ਰਮਾ ਉਹਦੇ ਮੋਢੇ 'ਤੇ ਥਾਪੀ ਦਿੰਦੀ ਬੋਲੀ।
"
ਅਭੀ
ਸਵੇਰੇ ਥਾਨੇ ਉਸਕੇ ਖਿਲਾਫ ਬਿਆਨ ਦਰਜ ਕਰਵਾ ਕੇ ਕਰ ਆਈ ਹੂੰ ..ਔਰ ਕਹਿ ਕਰ ਆਈ ਹੂੰ ਕਿ ਆਜ ਸੇ ਵੋ
ਮੇਰਾ ਪਤੀ ਨਹੀਂ ਹੈ..ਮੈਂ ਇਸ ਪਾਪੀ ਕੇ ਸਾਥ ਨਹੀਂ ਰਹੂੰਗੀ "
Subscribe to:
Comments (Atom)