ਪੂਰੇ ਨੰਬਰ
ਸਕੂਲ ਗਰਾਊਂਡ ਵਿੱਚ ਸਪੈਸ਼ਲ ਅਸੈਂਬਲੀ ਲਈ ਇਕੱਤਰ ਹੋ ਰਹੇ ਵਿਦਿਆਰਥੀ ਤੇ ਅਧਿਆਪਕ ਇਸਦੇ
ਕਾਰਨ ਪ੍ਰਤੀ ਖੁਸਰ-ਫੁਸਰ ਕਰ ਰਹੇ ਸੀ।ਇੱਕ ਸੀਨੀਅਰ ਅਧਿਆਪਕ ਨੇ ਆਕੇ ਸਭ ਨੂੰ ਚੁੱਪ ਰਹਿਣ ਲਈ
ਕਿਹਾ ਤੇ ਬੋਲੇ , " ਅੱਜ ਕਿਸੇ ਨੇ ਇੱਕ ਟੀਚਰ ਦੇ ਤਿੰਨ ਸੌ ਰੁਪਏ ਚੋਰੀ ਕਰ ਲਏ ਨੇ।ਹੁਣ ਤੱਕ ਦੀ ਪੁੱਛ-ਗਿੱਛ
ਤੋਂ ਲੱਗਦੈ ਕਿ ਇਹ ਚੋਰੀ ਕਿਸੇ ਬੱਚੇ ਨੇ ਹੀ ਕੀਤੀ ਹੈ। ਉਸ ਕਲਾਸ ਦੇ ਬੱਚਿਆਂ ਨੂੰ ਚੋਰੀ ਬਾਰੇ
ਦੱਸਣ ਜਾਂ ਚੁਪ-ਚੁਪੀਤੇ ਪੈਸੇ ਮੋੜਨ ਲਈ ਕਿਹਾ ਗਿਆ ਪਰ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ...ਹੁਣ
ਪਿ੍ਰੰਸੀਪਲ ਸਾਹਿਬ ਤੁਹਾਨੂੰ ਸੰਬੋਧਨ ਕਰਨਗੇ "
ਏਨੇ ਨੂੰ
ਪਿ੍ਰੰਸੀਪਲ ਮੈਡਮ ਸਟੇਜ'ਤੇ ਪਹੁੰਚ ਗਏ..ਚਿਹਰੇ ਉੱਤੇ ਤਨਾਅ ਅਤੇ ਹੱਥ ਵਿੱਚ ਉਹੀ ਬੈਂਤ ਜਿਸ ਨਾਲ ਦੋਸ਼ੀ ਬੱਚਿਆਂ
ਨੂੰ ਸਜ਼ਾ ਦੇਣ ਦਾ ਡਰਾਵਾ ਦਿੰਦੇ ਹੁੰਦੇ ਸੀ।
" ਬੱਚਿਓ! ਰਾਜਿੰਦਰ ਜੀ ਨੇ ਤੁਹਾਨੂੰ
ਚੋਰੀ ਬਾਰੇ ਦੱਸ ਹੀ ਦਿੱਤਾ ਹੋਵੇਗਾ .. ਮੈਨੂੰ ਯਕੀਨ ਹੈ ਕਿ ਇਹ ਕੰਮ ਕਿਸੇ ਵਿਦਿਆਰਥੀ ਨੇ ਹੀ ਕੀਤਾ
ਹੈ।ਮੈਂ ਤੁਹਾਡੇ ਸਾਰਿਆਂ ਸਾਹਮਣੇ ਉਸ ਬੱਚੇ ਨੂੰ ਵਿਸ਼ਵਾਸ਼ ਦੁਆਉਂਦੀ ਹਾਂ ਕਿ ਮੈਂ ਬਿਨਾਂ ਕਿਸੇ
ਸਜ਼ਾ ਦੇ ਉਸਨੂੰ ਮਾਫ ਕਰ ਦੇਵਾਂਗੀ..ਉਹ ਬੱਚਾ ਹੱਥ ਖੜ੍ਹਾ ਕਰ ਦੇਵੇ"
ਅਸੈਂਬਲੀ ਵਿੱਚ ਸੰਨਾਟਾ ਛਾਇਆ ਰਿਹਾ।
" ਮੈਂ ਇੱਕ ਵਾਰ ਫਿਰ ਵਾਅਦਾ ਕਰਦੀ ਹਾਂ
ਕਿ ਉਸ ਬੱਚੇ ਨੂੰ ਕੁਝ ਨਹੀਂ ਕਿਹਾ ਜਾਏਗਾ"
ਫਿਰ ਵੀ ਕਿਤੇ ਕੋਈ ਹਰਕਤ ਨਹੀਂ ਹੋਈ।
"ਲੱਗਦੈ ਮਨ ਦਾ ਕਮਜ਼ੋਰ ਬੱਚਾ
ਹੈ"ਪਿ੍ਰੰਸੀਪਲ ਮੈਡਮ ਦੇ ਚਿਹਰੇ ਉੱਤੇ ਫਿੱਕੀ ਜਿਹੀ ਮੁਸਕਾਨ ਆਈ।ਉਹਨਾਂ ਆਪਣੀ ਗੱਲ ਜਾਰੀ
ਰੱਖੀ,
"ਮੈਂ ਇਸ ਨੂੰ ਆਪਣੀ ਤੇ ਸਾਥੀ
ਅਧਿਆਪਕਾਂ ਦੀ ਅਸਫਲਤਾ ਸਮਝਦੀ ਹਾਂ ਜੋ ਤੁਹਾਡੇ ਵਰਗੇ ਪਿਆਰੇ ਵਿਦਿਆਰਥੀਆਂ ਨੂੰ ਸਹੀ ਗਿਆਨ ਤੇ
ਕਦਰਾਂ-ਕੀਮਤਾਂ ਨਹੀਂ ਦੇ ਸਕੇ।ਆਪਣੇ-ਆਪ ਨੂੰ ਦੋਸ਼ੀ ਮੰਨਦੇ ਹੋਏ ਮੈਂ ਖੁਦ ਨੂੰ ਹੀ ਸਜ਼ਾ ਦੇਣ ਦਾ
ਫੈਸਲਾ ਕੀਤਾ ਹੈ..ਸਜ਼ਾ ਦੌਰਾਨ ਕੋਈ ਮੇਰੇ ਨੇੜੇ ਨਾ ਆਵੇ ਤੇ ਨਾ ਹੀ ਸਜ਼ਾ ਵਿੱਚ ਵਿਘਨ
ਪਾਵੇ.."
ਏਨਾ ਕਹਿਕੇ ਮੈਡਮ ਨੇ ਆਪਣੇ-ਆਪ ਨੂੰ ਬੈਂਤ ਨਾਲ ਮਾਰਨਾ ਸ਼ੁਰੂ
ਕਰ ਦਿੱਤਾ। ਇੱਕ ਹੱਥ ਥੱਕ ਜਾਂਦਾ ਤਾਂ ਦੂਜਾ ਸ਼ੁਰੂ ਹੋ ਜਾਂਦਾ। ਸਾਰੇ
ਅਧਿਆਪਕ ਅਤੇ ਵਿਦਿਆਰਥੀ ਅਵਾਕ ਖੜ੍ਹੇ ਸਨ,ਕੁਝ ਦੀਆਂ ਤਾਂ ਲੇਰਾਂ ਨਿੱਕਲ ਗਈਆਂ।ਕੁਝ ਹੱਥਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬੈਂਤ ਖਾ
ਕੇ ਪਿੱਛੇ ਹਟ ਗਏ।ਆਖਿਰ ਕਪੜਿਆਂ ਵਿਚੋਂ ਲਹੂ ਸਿੰਮਣ ਲੱਗ ਪਿਆ ਤੇ ਪਿ੍ਰੰਸੀਪਲ ਮੈਡਮ ਹਫਕੇ ਡਿੱਗ
ਪਈ। ਉਹਨੂੰ ਸਹਾਰਾ ਦੇ ਕੇ ਦਫਤਰ ਲਿਜਾਕੇ ਸੋਫੇ 'ਤੇ ਲਿਟਾਇਆ ਗਿਆ। ਅਸੈਂਬਲੀ ਖਤਮ ਹੋ ਗਈ । ਵਿਦਿਆਰਥੀ ਬੇਯਕੀਨੀ ਤੇ ਸਦਮੇ ਕਾਰਨ ਕਲਾਸਾਂ ਦੇ
ਬਾਹਰ ਹੀ ਖੜ੍ਹੇ ਰਹੇ ।
ਪੰਦਰਾਂ ਕੁ ਮਿੰਟਾਂ ਬਾਅਦ ਦੋ ਬੱਚੇ ਪ੍ਰਿੰਸੀਪਲ ਦੇ ਦਫਤਰ ਵਿੱਚ ਦਾਖਿਲ ਹੋਏ ਤੇ ਮੈਡਮ
ਦੇ ਪੈਰਾਂ ਵੱਲ ਡਿੱਗਦੇ ਹੋਏ ਰੋਣ ਲੱਗ ਪਏ। ਮੈਡਮ ਪ੍ਰਿੰਸੀਪਲ ਨੇ ਆਪਣੇ ਦਰਦ ਦੀ ਪਰਵਾਹ ਨਾ ਕਰਦੇ
ਹੋਏ ਉੱਠਕੇ ਉਹਨਾਂ ਨੂੰ ਗਲ ਨਾਲ ਲਾ ਲਿਆ, " ਸ਼ਾਬਾਸ਼ ਬੱਚਿਓ!..ਮੈਂ ਤਾਂ ਫੇਲ੍ਹ ਹੋ ਗਈ ਸੀ..ਪਰ ਤੁਸੀਂ ਮੈਨੂੰ ਪੂਰੇ ਨੰਬਰ ਦਿਵਾ
ਦਿੱਤੇ"
No comments:
Post a Comment