Saturday, 3 September 2016

               ਬਾਪੂ ਸ਼ੱਟ ਤਾਂ  ਨੀ ਵੱਜੀ            
                    ਬੱਚੇ ਦਾ ਜਨਮ ਨੇੜੇ ਆਉਣ 'ਤੇ ਕਰਤਾਰੇ ਨੇ ਆਪਣੀ ਘਰਵਾਲੀ ਨੂੰ ਪੇਕੇ ਛੱਡ ਕੇ ਮੁੜਨ ਵੇਲੇ ਕਿਹਾ, ਭਜਨ ਕੁਰੇ ! ਜੇ ਐਤਕੀਂ ਵੀ ਕੁੜੀ ਹੋਈ ਤਾਂ ਮੈਂ ਥੋਨੂੰ ਲੈਣ ਨੀ ਆਉਣਾ, ਏਥੇ ਈ ਰਿਹੋ
                 ਟੱਬਰ ਦੀਆਂ ਅਰਦਾਸਾਂ ਨੂੰ ਫਲ ਨਾ ਪਿਆ ਤੇ ਉਹੀ ਹੋਇਆ ਜਿਸਦਾ ਡਰ ਸੀ । ਕਰਤਾਰੇ ਦੀ ਉਡੀਕ ਵਿੱਚ ਤਿੰਨ ਸਾਲ ਲੰਘ ਗਏ । ਨੱਚਦੀ ਟੱਪਦੀ ਸੁਖੀ ਕਈ ਵਾਰ ਬਾਪੂ ਬਾਰੇ ਪੁੱਛ ਲੈਂਦੀ, ਫਿਰ ਮਾਂ ਜਾਂ ਨਾਨੀ ਦਾ ਉਦਾਸ ਚਿਹਰਾ ਦੇਖ ਕੇ ਚੁੱਪ ਕਰ ਜਾਂਦੀ । ਉਧਰ ਰਿਸ਼ਤੇਦਾਰਾਂ ਤੇ ਹੋਰ ਸਿਆਣਿਆਂ ਨੇ ਮਿਲ ਕੇ ਕਰਤਾਰੇ ਨੂੰ ਆਪਣੀ ਘਰਵਾਲੀ ਤੇ ਧੀ ਨੂੰ ਲਿਆਉਣ ਵਾਸਤੇ ਭੇਜ ਹੀ ਦਿੱਤਾ । ਬੱਸੋਂ ਉੱਤਰ ਕੇ ਕਸਬੇ ਤੋਂ ਪਿੰਡ ਕੋਈ ਤਿੰਨ ਮੀਲ ਦੀ ਵਾਟ ਸੀ । ਅੱਡੇ ਉੱਤੇ ਬਹਿ ਕੇ ਤਿੰਨਾਂ ਨੇ ਚਾਹ-ਪਾਣੀ ਪੀਤਾ । ਕਰਤਾਰੇ ਨੇ ਇੱਕ ਕਹੀ ਖਰੀਦ ਲਈ ।
           ਪੁਰਾਣੀ ਟੁੱਟ ਗਈ ਸੀ...ਏਥੋਂ ਵਧੀਆ ਮਿਲ ਜਾਂਦੀ ਐ
                 ਕਹਿੰਦਾ ਕਰਤਾਰਾ ਮਾਂਵਾਂ ਧੀਆਂ ਨੂੰ ਲੈ ਕੇ ਪਿੰਡ ਦੇ ਰਾਹ ਪੈ ਗਿਆ । ਅੱਧੀ ਕੁ ਵਾਟ ਮੁਕਾ ਕੇ ਤਿੰਨੇ ਜੀਅ ਟਾਹਲੀ ਥੱਲੇ ਬੈਠ ਗਏ । ਕਰਤਾਰਾ ਕਹੀ ਲੈ ਕੇ ਥੋਹੜੀ  ਦੂਰ ਜਾ ਕੇ ਟੋਆ ਪੁੱਟਣ ਲੱਗਾ । ਉਹਨੇ ਮਨ ਵਿੱਚ ਧਾਰਿਆ ਹੋਇਆ ਸੀ ਕਿ ਕੁੜੀ ਨੂੰ ਪਿੰਡ ਨਹੀਂ ਲੈ ਕੇ ਜਾਣਾ, ਏਥੇ ਈ ਸੁੰਨੇ ਥਾਂ 'ਤੇ ਗਲ ਘੁੱਟ ਕੇ ਮਾਰ ਦੇਣੈਂ ਤੇ ਏਥੇ ਹੀ ਦੱਬ ਜਾਣੈਂ ।
                  ਇਹਨਾਂ ਵਿਚਾਰਾਂ ਵਿੱਚ ਬੇਧਿਆਨੇ ਹੀ ਕਹੀ ਇੱਕ ਦੱਬੇ ਹੋਏ ਪੱਥਰ ਨਾਲ ਟਕਰਾ ਕੇ ਉਹਦੀ ਲੱਤ ਉੱਤੇ ਵੱਜ ਗਈ ।ਦਰਦ ਨਾਲ ਬੇਹਾਲ ਹੋ ਕੇ ਕਰਤਾਰਾ ਉਥੇ ਹੀ ਬੈਠ ਗਿਆ । ਅਚਾਨਕ ਕੰਨ ਕੋਲ ਇੱਕ ਮਿੱਠੀ ਤੋਤਲੀ ਜਿਹੀ ੳਾਵਾਜ਼ ਸੁਣ ਕੇ ਉਹ ਚੌਂਕ ਉੱਠਿਆ, ਬਾਪੂ ! ਸ਼ੱਟ ਤਾਂ ਨੀ ਵੱਜੀ ?..ਬੋਹਤ ਪੀਲ ਹੁੰਦੀ ਐ ?..ਲਿਆ ਫੂਕ ਮਾਰ ਦਿਆਂ..ਹੁਣੇ ਥੀਕ ਹੋ ਜੂ..
             ਕਰਤਾਰੇ ਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂ ਵਗ ਤੁਰੇ ਤੇ ਉਹਨੇ ਸੁੱਖੀ ਨੂੰ ਗਲ ਨਾਲ ਲਾ ਲਿਆ ।

No comments:

Post a Comment