Monday, 5 September 2016

      ਸਰਾਪੀ  ਕੁੱਖ

         ਸਭ ਧਰਮਾਂ ਦੀਆਂ  ਬਾਣੀਆਂ ਦੇ ਜਾਣੂ, ਫਿਲਾਸਫਰ ਅਤੇ ਸੰਤ-ਸਰੂਪ ਮਹਾਂਪੁਰਖਾਂ ਦਾ ਸ਼ਹਿਰ ਵਿੱਚ ਕੁਝ ਦਿਨਾਂ ਲਈ ਆਉਣਾ ਹੋਇਆ। ਉਹ ਲੋਕਾਂ ਨੂੰ ਸੁਚੱਜੀ ਜੀਵਨ-ਜਾਚ ਦੱਸਦੇ ਤੇ ਹੱਸਦੇ ਮੁਸਕਰਾਉਂਦੇ ਗੱਲਾਂ ਗੱਲਾਂ ਵਿੱਚ ਹੀ ਉਹਨਾਂ ਦਾ ਧਿਆਨ ਪਰਮਾਤਮਾ ਵੱਲ ਮੋੜ ਦਿੰਦੇ।ਦਰਸ਼ਨ ਕਰਨ ਆਏ ਬਹੁਤੇ ਲੋਕ ਘਰੇਲੂ ਸਮੱਸਿਆ ਦੇ ਹੱਲ ਲਈ ਹੀ ਆਉਂਦੇ।

        ਆਲੀਸ਼ਾਨ ਕਾਰ ਵਿੱਚੋਂ ਉੱਤਰੇ ਅੱਧਖੜ ਉਮਰ ਦੇ ਜੋੜੇ ਨੇ ਸਤਿਕਾਰ ਨਾਲ ਬੈਠਦੇ ਹੋਏ 'ਪੁੱਤਰ-ਰਤਨ' ਦੀ ਪ੍ਰਾਪਤੀ ਲਈ ਉਪਾਅ ਦੱਸਣ ਵਾਸਤੇ ਜੋਦੜੀ ਕੀਤੀ ।ਕੁਝ ਚਿਰ ਅੱਖਾਂ ਬੰਦ ਕਰਕੇ ਮਹਾਂਪੁਰਖ ਧਿਆਨ ਮਗਨ ਹੋਏ, “ਬੱਚਾ ! ਪਿਛਲੇ ਚਾਰ ਦਹਾਕਿਆਂ ਤੋਂ ਤੁਹਾਡੇ ਪਰਿਵਾਰ ਵਿੱਚੋਂ ਕਿਸੇ ਕੰਨਿਆ ਦੀ ਡੋਲੀ ਹੀ ਨਹੀਂ ਉੱਠੀ,ਇਸ ਦੀ ਕੀ ਵਜ੍ਹਾ ਹੋਈ?”

        ਸਰਦਾਰ ਸਾਹਿਬ ਤ੍ਰਭਕ ਗਏ, ਨੀਵੀਂ ਪਾ ਕੇ ਬੋਲੇ,“ ਤਸੀਂ ਤਾਂ ਆਪ ਜਾਣੀ ਜਾਣ ਹੋ......

        “ ਮੇਰੀ ਸ਼ੰਕਾ ਨਵਿਰਤ ਕਰੋ ਪੁੱਤਰ 

        “ ਕੀ ਦੱਸਾਂ ਮਹਾਰਾਜ ! ਚਾਲੀ ਸਾਲ ਪਹਿਲਾਂ ਸਾਡੇ ਖਾਨਦਾਨ ਦੀ ਧੀ ਸਹੁਰਾ-ਪਰਿਵਾਰ ਵੱਲੋਂ ਬੜੀ ਬੇ-ਇੱਜ਼ਤ ਹੋਈ ਤੇ ਜ਼ਿੱਲਤ ਭਰੀ ਜ਼ਿੰਦਗੀ ਤੋਂ ਤੰਗ ਆ ਕੇ ਉਹਨੇ ਖੁਦਕਸ਼ੀ ਕਰ ਲਈ ਸੀ, ਉਸ ਤੋਂ ਬਾਅਦ ਮੇਰੇ ਪੜਦਾਦਾ ਜੀ ਨੇ ਫੈਸਲਾ ਕਰ ਲਿਆ ਕਿ ਹੁਣ ਸਾਡੇ ਪਰਿਵਾਰ ਵਿੱਚ ਕੋਈ ਧੀ ਨਹੀਂ ਆਏਗੀ..ਤੇ ਜਿਹੜੀ ਆਈ...

        ਸਰਦਾਰਨੀ ਸਾਹਿਬਾ ਨੇ ਰੁਮਾਲ ਨਾਲ ਅੱਖਾਂ ਪੂੰਝੀਆਂ ਤੇ ਮੂੰਹ ਢਕ ਲਿਆ।

         ਸਰਦਾਰ ਸਾਹਿਬ ਨੇ ਇੱਕ ਪਲ ਉਸ ਵੱਲ ਦੇਖਿਆ ਤੇ ਗੱਲ ਜਾਰੀ ਰੱਖੀ,

 “ ਸਾਡਾ ਪਰਿਵਾਰ ਸ਼ਾਹੀ ਖਾਨਦਾਨ ਵਜੋਂ ਸਤਿਕਾਰਿਆ ਜਾਂਦਾ ਹੈ,ਅਸੀਂ ਆਪਣੀਆਂ ਧੀਆਂ ਦੀ ਬੇਇਜ਼ਤੀ ਨਹੀਂ ਸਹਾਰ ਸਕਦੇ..

            ਮਹਾਂਪੁਰਖਾਂ ਨੇ ਸਰਦਾਰ ਸਾਹਿਬ ਦੇ ਮੋਢੇ ਉੱਤੇ ਹੱਥ ਫੇਰਦਿਆਂ ਹੌਲੀ ਜਿਹੀ ਕਿਹਾ, “ ਇਹ ਕੁਦਰਤ ਦੇ ਖਿਲਾਫ ਹੈ..”  ਫਿਰ  ਡੂੰਘਾ ਸਾਹ ਲੈ ਕੇ ਬੋਲੇ,

 “ ਕਿਸੇ ਬੇਗਾਨੀ ਧੀ ਨੂੰ ਗੋਦ ਲੈ ਕੇ,ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿਓ, ਸ਼ਾਇਦ ਮਾਲਕ ਬਖਸ਼ ਲਵੇ..


              ............  

No comments:

Post a Comment