ਤਰਾਸ਼ਿਆ ਪੱਥਰ
ਡਾ:ਮਲਹੋਤਰਾ ਸਵੇਰੇ ਮੰਦਿਰੋਂ ਪਰਤੇ ਤਾਂ ਉਹਨਾਂ ਦੇ ਮਾਤਾ ਜੀ ਦਹਿਲੀਜ਼ 'ਤੇ ਖੜ੍ਹੇ ਸੀ। ਹੱਥ ਵਿੱਚ ਅਖਬਾਰ,ਦਮਕਦਾ ਚਿਹਰਾ ਤੇ ਪੂਰੇ ਖੁਸ਼। ਉਹਨਾਂ
ਮਾਂ ਨੂੰ ਏਨਾ ਖੁਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ,ਝਟਪਟ ਕਾਰ ਖੜ੍ਹੀ ਕਰਕੇ ਉਸ ਵੱਲ ਵਧੇ।
" ਵੇ ਪੁੱਤ ! ਵਧਾਈਆਂ, ਭਗਵਾਨ ਨੇ ਮੇਰੀ ਝੋਲੀ ਵਿੱਚ
ਬਹੁਤ ਵੱਡੀ ਖੁਸ਼ੀ ਪਾਈ ਐ,ਵੇ ਜਿਉਂਦਾ ਰਹੁ ਬੱਚਿਆ !"
" ਕੁਝ ਦੱਸੋਂ ਵੀ..ਕਿਹੜੀ ਖੁਸ਼ੀ ਨੇ ਮੇਰੀ
ਮਾਂ ਨੂੰ.........?"
" ਲੈ..ਜਿਵੇਂ ਪਤਾ ਈ ਨੀ...ਆਪਣੀ
ਕਮਲ.." ਸਾਹੋ-ਸਾਹ ਹੋਈ ਮਾਂ ਨੇ ਪੁੱਤ ਨੂੰ ਫਿਰ ਜੱਫੀ ਵਿੱਚ ਲੈ ਲਿਆ, " ਆਪਣੀ ਕਮਲ ਆਈ.ਏ.ਐਸ.
ਵਿੱਚ ਸੈਕਿੰਡ ਆਈ ਐ " ਪੋਤੀ ਦੀ ਪ੍ਰਾਪਤੀ ਉੱਤੇ ਦਾਦੀ ਲਗਭਗ ਨੱਚਣ ਹੀ ਲੱਗ ਪਈ ।
" ਬੀ ਜੀ! ਤੁਹਾਨੂੰ ਵੀ ਬਹੁਤ
ਵਧਾਈਆਂ..ਸਭ ਤੁਹਾਡੀਆਂ ਅਸੀਸਾਂ ਦਾ ਫਲ ਐ" ਡਾਕਟਰ ਤੇ ਮਿਸਿਜ਼ ਮਲਹੋਤਰਾ ਮਾਂ ਦੇ ਪੈਰਾਂ
ਉਤੇ ਝੁਕ ਗਏ।
ਮਾਂ ਨੇ ਫਿਰ ਲੋਰ ਜਿਹੇ ਵਿੱਚ ਪੁੱਤਰ ਨੂੰ
ਜੱਫੀ ਪਾ ਲਈ , ਪੁੱਤਰ ਨੇ ਹੌਲੀ ਜਿਹੀ ਮਾਂ ਦੇ
ਕੰਨ ਵਿੱਚ ਕਿਹਾ, "
ਜਿਸ
ਦਿਨ ਕਮਲ ਜੰਮੀ ਸੀ, ਉਸ ਦਿਨ ਤਾਂ ਬੀ ਜੀ ! ਤੁਸੀਂ
ਕਿਹਾ ਸੀ ਕਿ ਬਹੂ ਨੇ ਪੱਥਰ ਜੰਮ ਦਿੱਤਾ ..ਯਾਦ ਐ ?"
No comments:
Post a Comment