Monday, 5 September 2016

                    ਉਲਟੀ  ਗੰਗਾ
                     ਡਾ: ਸਿੰਘ ਐਕਸ-ਰੇ ਫਿਲਮ ਨੂੰ ਜਾਂਚਦੇ ਹੋਏ ਮਰੀਜ਼ ਦੇ ਬਾਹਰ ਖੜ੍ਹੇ ਰਿਸ਼ਤੇਦਾਰਾਂ ਕੋਲ ਆ ਗਏ।
                " ਸਰਦਾਰ ਜੀ ! ਮਾਤਾ ਦੀ ਚੂਲੇ ਦੀ ਹੱਡੀ ਦਾ ਫਰੈਕਚਰ ਹੋ ਗਿਐ.. ਬਿਨਾਂ ਅਪਰੇਸ਼ਨ ਤੋਂ ਠੀਕ ਨਹੀਂ ਹੋ ਸਕਣਾ ਤੇ ਅਪਰੇਸ਼ਨ ਵੀ ਛੇਤੀ ਹੋਣਾ ਚਾਹੀਦੈ "
                 ਸੇਵਾ-ਮੁਕਤੀ ਦੇ ਨੇੜੇ ਪਹੁੰਚਿਆ ਹਰਿਭਜਨ ਸਿੰਘ  ਆਪਣੇ-ਆਪ ਨੂੰ ਸੰਭਾਲਦਾ ਹੋਇਆ ਮਸਾਂ ਹੀ ਬੋਲਿਆ," ਮਾਤਾ ਜੀ ਦੀ ਉਮਰ ਕਾਫੀ ਹੋ ਗਈ ਐ....ਕੀ ਇਸ ਉਮਰ ਵਿੱਚ..?"
               ਡਾ:ਸਿੰਘ ਸਮਝਾਉਣ ਲੱਗੇ," ਇਸ ਤੋਂ ਇਲਾਵਾ ਚਾਰਾ ਈ ਕੋਈ ਨਹੀਂ.. ਰਿਸਕ ਤਾਂ ਲੈਣਾ ਈ ਪਊ......ਮੈਂ ਇਹਨਾਂ ਤੋਂ ਵੀ ਬਿਰਧ ਲੋਕਾਂ ਦੇ ਅਪਰੇਸ਼ਨ ਕੀਤੇ ਨੇ......ਉਹ ਠੀਕ-ਠਾਕ ਤੁਰੇ ਫਿਰਦੇ ਨੇ "
             " ਡਾਕਟਰ ਸਾਹਿਬ! ਮਾਤਾ ਜੀ ਮੈਨੂੰ ਬਹੁਤ ਪਿਆਰੇ ਨੇ....ਜੇ ਕਿਤੇ....? ਜੇ ਅਪਰੇਸ਼ਨ ਨਾ ਕਰਵਾਈਏ ਤਾਂ ਕੋਈ ਖਤਰਾ ਤਾਂ ਨਹੀਂ? "
            " ਨਹੀਂ ! ਇਸ ਵੇਲੇ ਤਾਂ ਨਹੀਂ...ਪਰ ਜੇ ਉਹ ਲੰਮੇ ਸਮੇਂ ਤੱਕ ਮੰਜੇ ਉੱਤੇ ਪਏ ਰਹੇ ਤਾਂ ਉਹਦੀਆਂ ਕੰਪਲੀਕੇਸ਼ਨਜ਼ ਹੋ ਜਾਣਗੀਆਂ.."
            " ਫਿਰ ਵੀ ਡਾਕਟਰ ਸਾਹਿਬ ! ਹੌਸਲਾ ਜਿਹਾ ਨਹੀਂ ਪੈਂਦਾ..ਖਰਚਾ ਕਿੰਨਾ ਕੁ ਹੋ ਜੂ?"
            " ਅਪਰੇਸ਼ਨ ਤੇ ਹਸਪਤਾਲ ਸਟੇਅ ਵਗੈਰਾ ਪਾ ਕੇ ਸੱਠ ਸੱਤਰ ਹਜ਼ਾਰ ਦੇ ਕਰੀਬ ਤਾਂ ਹੋ ਈ ਜਾਊ..ਤੁਸੀਂ ਫਿਕਰ ਨਾ ਕਰੋ..ਮੈਂ ਕੁਝ ਘੱਟ ਕਰਵਾ ਦਊਂ..ਫੈਮਿਲੀ ਫਰੈਂਡ ਹੋਣ ਦਾ ਬੈਨੀਫਿਟ ਤੁਹਾਨੂੰ ਜ਼ਰੂਰ ਦੁਆਵਾਂਗਾ "
           " ਸਲਾਹ ਕਰਕੇ ਦੱਸਦਾਂ.."
                ਘਬਰਾਹਟ ਜਿਹੀ ਵਿੱਚ ਹਰਿਭਜਨ ਸਿੰਘ ਆਪਣੀ ਪਤਨੀ ਅਤੇ ਦੋਵਾਂ ਪੁੱਤਰਾਂ ਨੂੰ ਲਾਂਭੇ ਲੈ ਗਿਆ। ਗੰਭੀਰ ਵਿਚਾਰ-ਵਟਾਂਦਰਾ ਹੋਇਆ। ਅਖੀਰ ਉਹ ਡਾਕਟਰ ਕੋਲ ਆ ਕੇ ਬੋਲਿਆ, " ਅਸੀਂ ਮਰੀਜ਼ ਨੂੰ ਘਰ ਲੈ ਜਾਨੇ ਆਂ... ...ਇਸ ਉਮਰ 'ਚ ਅਪਰੇਸ਼ਨ ਨਾਲ ਕੋਈ ਹਬੀ-ਨਬੀ ਹੋਗੀ ਤਾਂ ਲੋਕਾਂ ਨੂੰ ਕੀ ਜਵਾਬ ਦਿਆਂਗੇ?"
                ਡਾਕਟਰ ਸਾਹਿਬ ਆਪਣੇ ਸ਼ਾਂਤ ਸੁਭਾਅ ਦੇ ਉਲਟ ਕਾਹਲੇ ਜਿਹੇ ਪੈ ਗਏ, " ਤੁਹਾਨੂੰ ਪਤੈ ? ਤੁਸੀਂ ਕੀ  ਕਰ ਰਹੇ ਓ ਤੁਸੀਂ ਇਹਨਾਂ ਨੂੰ ਭੋਰਾ ਭੋਰਾ ਮਰਦਿਆਂ  ਦੇਖੋਗੇ ਤੇ ਕੰਪਲੀਕੇਸ਼ਨਜ਼ ਦੇ ਇਲਾਜ'ਤੇ ਇਸ ਤੋਂ ਜ਼ਿਆਦਾ ਖਰਚ ਕਰੋਗੇ "

            " ਨਹੀਂ ਨਹੀਂ ਡਾਕਟਰ ਸਾਹਿਬ ! ਮੇਰਾ ਪਿੰਡ ਆਲਾ ਭਰਾ ਗਿਲਾ ਕਰਦਾ ਹੁੰਦੈ ਕਿ ਬੇਬੇ ਸਾਡੇ ਕੋਲ ਨਹੀਂ ਰਹਿੰਦੀ..ਅਸੀਂ ਸੋਚਿਐ ਕਿ ਇਹਨੂੰ ਉਥੇ ਛੱਡ ਆਉਨੇ ਆਂ..  "  



                        ……………

No comments:

Post a Comment